Sunday, June 28, 2009

ਮਿੱਟੀ ਦੇ ਸਾਂਚਿਆਂ ‘ਚ ਢੱਲਦੀਆਂ ਜ਼ਿੰਦਗੀਆਂ

ਮੁਸਾਫ਼ਿਰ ਹੂੰ ਯਾਰੋ....ਨਾ ਘਰ ਹੈ ਨਾ ਠਿਕਾਣਾ

ਫਲੈਟਾਂ ‘ਚ,ਪੱਕੇ ਘਰਾਂ ‘ਚ ਰਹਿਣ ਨੂੰ ਕਿਸਦਾ ਦਿਲ ਨਹੀਂ ਕਰਦਾ,ਬਾਬੂ ਜੀ,ਸਾਡਾ ਵੀ ਵਧੇਰਾ ਦਿਲ ਕਰਦਾ ਹੈ,ਪੱਕੇ ਘਰਾਂ ‘ਚ ਰਹਿਣ ਨੂੰ,ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਪਰ ਕੀ ਕਰੀਏ। ਸਾਡੇ ਪਰਿਵਾਰ ਦੇ ਸਾਰੇ ਦੇ ਸਾਰੇ ਮੈਂਬਰ ਮਿੱਟੀ ਨਾਲ ਮਿੱਟੀ ਹੋ ਕੇ ਮੁਸ਼ਕਿਲ ਨਾਲ ਢਿੱਡ ਭਰਨ ਜੋਗਾ ਪੈਸਾ ਕਮਾਉਂਦੇ ਹਨ।ਸਾਡਾ ਕੋਈ ਪੱਕਾ ਠਿਕਾਣਾ ਨਹੀਂ ਹੈ।

ਕਦੇ ਇੱਥੇ ਅਤੇ ਕਦੇ ਹੋਰ ਕੋਈ ਜਗ੍ਹਾ ਫੁੱਟਪਾਥ ‘ਤੇ ਬੈਠ ਕੇ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰੀ ਜਾਂਦੇ ਹਾਂ।ਜਦੋਂ ਕਿਸੇ ਦਿਲ ਕਰਦਾ,ਸਾਡਾ ਬੋਰੀਆ ਬਿਸਤਰਾ ਚੁਕਵਾ ਦਿੰਦੇ ਨੇ,15 ਸਾਲ ਹੋ ਗਏ ਮੈਨੂੰ ਰਾਜਸਥਾਨ ਤੋਂ ਮੱਧ ਪ੍ਰਦੇਸ਼ ਆਇਆਂ ਅਤੇ ਉਦੋਂ ਤੋਂ ਕਦੇ ਉਜੈਨ,ਦੇਵਾਸ ਅਤੇ ਹੁਣ ਫ਼ਿਰ ਇੰਦੌਰ ਦੇ ਫੁਟਪਾਥਾਂ ‘ਤੇ ਧੰਦਾ ਕਰਕੇ ਰੋਟੀ ਜੁਗਾੜ ਕਰਦਾ ਆ ਰਿਹਾ ਹਾਂ।

ਇਹ ਗੱਲਾਂ ਦਸ਼ਹਰਾ ਮੈਦਾਨ ਦੇ ਫੁੱਟਪਾਥ ‘ਤੇ ਆਪਣੀ ਕਲਾ ਨਾਲ ਮਿੱਟੀ ਦੇ ਸਾਂਚਿਆ ਨਾਲ ਬਣੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਲਿਸ਼ਕਾਉਣ ਅਤੇ ਆਪਣੇ ਦਿਲ ‘ਚ ਪੱਕੇ ਘਰਾਂ ‘ਚ ਰਹਿਣ ਦੀਆਂ ਆਪਣੀਆਂ ਖੁਆਇਸ਼ਾਂ ਨੂੰ ਸੰਜੋਈ ਬੈਠੇ ਵਿਜੇ ਰਾਮ ਨੇ ਉਦਾਸੀ ਭਰੇ ਲਫ਼ਜ਼ਾਂ ‘ਚ ਕਹੀਆਂ,ਜਿਹੜਾ ਕਿ ਰਾਜਸਥਾਨ ਤੋਂ ਇਹ ਕਲਾ ਸਿੱਖਕੇ 15 ਸਾਲ ਪਹਿਲਾਂ ਮੱਧਪ੍ਰਦੇਸ਼ ‘ਚ ਆਇਆ ਸੀ ਪਰੰਤੂ ਸਰਕਾਰਾਂ ਦੁਆਰਾ ਇਨ੍ਹਾ ਵੱਲ ਨਾ ਦਿੱਤੇ ਗਏ ਧਿਆਨ ਕਾਰਣ ਅੱਜ ਵੀ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਮਿੱਟੀ ਦੇ ਦੇਵਤਿਆਂ ਦੀਆਂ ਮੂਰਤੀਆਂ ਦੇ ਸਾਂਚਿਆਂ ਨੂੰ ਲਿਸ਼ਕਾ ਕੇ ਕਈ ਸ਼ਹਿਰਾਂ ਦੇ ਫੁੱਟਪਾਥਾਂ ‘ਤੇ ਕੰਮ ਕਰ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਮਜ਼ਬੂਰ ਹੈ।

ਹੱਥ ਕਲਾ ਨਾਲ ਮਿੱਟੀ ਦੀਆ ਸਾਂਚੇ ‘ਚ ਢਲੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਡਿਜ਼ਾਇਨਾਂ ਨਾਲ ਨਿਖਾਰਨ ਵਾਲੇ ਇਸ ਕਲਾਕਾਰ ਦਾ ਕਹਿਣਾ ਹੈ ਕਿ ਬਚਪਨ ਮੇਰਾ ਰਾਜਸਥਾਨ ਦੇ ਜੋਧਪੁਰ ਜਿਲ੍ਹੇ ਦੇ ਪਾਲਿਕਾ ‘ਚ ਬੀਤਿਆ,ਜਿੱਥੇ ਸਾਡੀ ਥੋੜ੍ਹੀ ਬਹੁਤੀ ਜ਼ਮੀਨ ਸੀ ਪਰ ਜ਼ਮੀਨ ਤੋਂ ਜ਼ਿਆਦਾ ਆਮਦਨ ਹੋਣ ਕਾਰਣ ਪਤਾ ਹੀ ਨਹੀਂ ਚੱਲਿਆ ਮੁੱਠੀ ਵਿੱਚੋਂ ਮਿੱਟੀ ਦੀ ਤਰ੍ਹਾਂ ਜ਼ਮੀਨ ਕਿਸ ਵੇਲੇ ਨਿਕਲ ਗਈ ਅਤੇ ਸਾਡੇ ਘਰਾਂ ‘ਚ ਦਾਦਾ ਜੀ ਮਾਲਾ ਰਾਮ ਭਾਂਡੇ ਬਨਾਉਣ ਦਾ ਕੰਮ ਕਰਦੇ ਸਨ।

ਬਚਪਨ ‘ਚ ਮੈਂ ਅਤੇ ਮੇਰਾ ਭਰਾ ਰਘੂਨਾਥ ਮੁਸ਼ਕਿਲ ਨਾਲ ਅੱਠ ਜਮਾਤਾਂ ਪੜ੍ਹ ਗਏ ਅਤੇ ਭਾਂਡੇ ਬਨਾਉਣਾ ਸਿੱਖ ਗਏ।ਇਸ ਤੋਂ ਇਲਾਵਾ ਥੋੜ੍ਹਾ ਬਹੁਤ ਮੂਰਤੀਆਂ ਨੂੰ ਡਿਜ਼ਾਇਨ ਕਰਨ ਸਿੱਖੇ।ਮੇਰਾ ਭਰਾ ਰਘੂਨਾਥ ਵੀ ਉਸ ਸਮੇਂ ਤੋਂ ਹੀ ਮੇਰੇ ਨਾਲ ਜਗ੍ਹਾ ਭਟਕ ਇਹ ਕੰਮ ਕਰੀ ਜਾਂਦਾ ਹੈ ਪਰੰਤੂ ਹੁਣ ਤਾਂ ਇੰਝ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਹੀ ਮਿੱਟੀ ਦੀਆਂ ਮੂਰਤੀਆਂ ਦੇ ਸਾਂਚਿਆਂ ਨੂੰ ਡਿਜ਼ਾਇਨ ਕਰਨ ‘ਚ ਢੱਲਦੀ ਜਾ ਰਹੀ ਹੈ।


ਪੱਛਮੀ ਬੰਗਾਲ,ਰਾਜਸਥਾਨ,ਗੁਜਰਾਤ ਅਤੇ ਮਹਾਰਾਸ਼ਟਰ ਤੋਂ ਇਲਾਵਾ ਹੋਰ ਵੀ ਕਈ ਰਾਜਾਂ ਤੋਂ ਲੋਕ ਇੱਥੇ ਝੋਂਪੜੀਆਂ ਬਣਾ ਕੇ ਵੱਸ ਗਏ ਹਨ।ਕਲਕੱਤਾ (ਪੱਛਮੀ ਬੰਗਾਲ),ਗਾਂਧੀਨਗਰ ,ਅਹਿਮਦਾਬਾਦ (ਗੁਜਰਾਤ),ਬੰਬਈ,ਪੂਣੇ (ਮਹਾਰਾਸ਼ਟਰ) ਅਤੇ ਇੰਦੌਰ,ਭੋਪਾਲ (ਮੱਧਪ੍ਰਦੇਸ਼) ‘ਚ ਇਹ ਕੰਮ ਥੋੜ੍ਹਾ ਚੰਗਾ ਚੱਲ ਜਾਂਦਾ ਹੈ।

ਰਾਜਸਥਾਨ ‘ਚ ਜੈਪੁਰ,ਜੋਧਪੁਰ ‘ਚ ਵੀ ਇਹ ਕਾਫ਼ੀ ਕੰਮ ਕੀਤਾ ਜਾਂਦਾ ਹੈ,ਇਸ ਲਈ ਸਾਨੂੰ ਇਧਰ ਮੱਧਪ੍ਰਦੇਸ਼ ਵੱਲ ਕੂਚ ਕਰਨਾ ਪਿਆ।ਪਹਿਲਾਂ ਅਸੀਂ ਰਾਜਸਥਾਨ ਤੋਂ ਜਾਂ ਪੱਛਮੀ ਬੰਗਾਲ ਦੇ ਇਹ ਲੋਕ ਕਲਕੱਤਾ ਆਦਿ ਤੋਂ ਮਿੱਟੀ ਦੇ ਸਾਂਚੇ ਲਿਆਉਂਦੇ ਹਨ,ਜਿਹਨਾਂ ਨੂੰ ਅਸੀਂ ਡਿਜ਼ਾਇਨ ਕਰਨਾ ਹੁੰਦਾ ਹੈ ਪਰੰਤੂ ਉੱਥੋਂ ਸਾਂਚੇ ਲਿਆਉਣ ‘ਤੇ ਕਾਫ਼ੀ ਪੈਸਾ ਖਰਚ ਆ ਜਾਂਦਾ ਹੈ,ਜਿਸ ਕਾਰਣ ਇਨ੍ਹਾ ਦੀ ਲਾਗਤ ਵੱਧ ਜਾਂਦੀ ਹੈ।ਗ੍ਰਾਹਕਾਂ ਤੋਂ ਮਸਾਂ ਗੁਜ਼ਾਰੇ ਜੋਗੇ ਪੈਸੇ ਮਿਲਦੇ ਹਨ,ਕਈ ਵਾਰੀ ਤਾਂ ਮੂਰਤੀ ਵਿੱਕਦੀ ਹੀ ਨਹੀਂ ਅਤੇ ਤਦ ਸਾਨੂੰ ਨਿਰਾਸ਼ਾ ਦੇ ਆਲਮ ‘ਚੋਂ ਗੁਜ਼ਰਨਾ ਪੈਂਦਾ ਹੈ ਪਰੰਤੂ ਇਹ ਜਰੂਰ ਹੈ ਕਿ ਗਣੇਸ਼ ਚਤੁਰਥੀ ਜਾਂ ਦੁਰਗਾ ਮਾਤਾ ਦੇ ਤਿਉਹਾਰ ‘ਤੇ ਮੂਰਤੀਆਂ ਚੰਗੇ ਦਾਮਾਂ ‘ਤੇ ਵਿਕ ਜਾਂਦੀਆਂ ਹਨ ।
ਸਾਡੇ ਬੱਚਿਆਂ ਦੀਆਂ ਵੀ ਖਾਇਸ਼ਾਂ ਹਨ,ਕੁੱਝ ਕਰਨ,ਉਹ ਵੀ ਖੇਡਣਾ ਚਾਹੁੰਦੇ ਹਨ,ਪੜ੍ਹਣਾ ਚਾਹੁੰਦੇ ਹਨ ਅਤੇ ਘੁੰਮਣਾ ਚਾਹੁੰਦੇ ਹਨ ਪਰੰਤੂ ਉਨ੍ਹਾ ਦਾ ਬਚਪਨ ਵੀ ਸਾਡੇ ਨਾਲ ਖੱਜਲ ਖੁਆਰ ਹੋਣ ‘ਚ ਬੀਤ ਰਿਹਾ ਹੈ।ਸਰਕਾਰ ਦੁਆਰਾ ਸਾਖਰਤਾ ਅਭਿਆਨ ਤਾਂ ਚਲਾਇਆ ਜਾਂਦਾ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਪਰੰਤੂ ਸਾਡੇ ਬੱਚਿਆਂ ਨੂੰ ਤਾਂ ਕਦੇ ਪੜ੍ਹਾਉਣ ਜਾਂ ਸਕੂਲ ‘ਚ ਲਗਾਉਣ ਲਈ ਕਿਸੇ ਦੁਆਰਾ ਪੁੱਛਿਆ ਨਹੀਂ ਗਿਆ।ਸਰਕਾਰੀ ਸਕੂਲ ‘ਚ ਮੈਂ ਇਹ ਛੇ ਸਾਲਾ ਬੱਚੇ ਨੂੰ ਲਗਾਉਣਾ ਸੀ ਪਰੰਤੂ ਸਕੂਲ ਵਾਲੇ ਕਹਿੰਦੇ ਪਹਿਚਾਣ ਪੱਤਰ ਲਿਆਉ।ਹੁਣ ਨਗਰ ਨਿਗਮ ‘ਚ ਸਾਨੂੰ ਗਰੀਬਾਂ ਨੂੰ ਪਤਾ ਨਹੀਂ ਕੋਈ ਪਹਿਚਾਣ ਪੱਤਰ ਕਿਨ੍ਹੇ ਸਮੇਂ ‘ਚ ਦੇਵੇਗਾ,ਮਿਲੇਗਾ ਜਾਂ ਨਹੀਂ।

ਹੱਥ ਕਲਾ ਦੇ ਮਾਹਿਰ ਵਿਜੇ ਵਰਗੇ ਪਤਾ ਨਹੀਂ ਹਜ਼ਾਰਾਂ ਹੀ ਮੱਧਪ੍ਰਦੇਸ਼ ਤੋਂ ਇਲਾਵਾ ਹੋਰ ਕਈ ਰਾਜਾਂ ‘ਚ ਕਈ-ਕਈ ਸਾਲਾਂ ਤੋਂ ਭਟਕ ਰਹੇ ਹਨ ਪਰੰਤੂ ਆਪਣੇ ਦਿਲਾਂ ‘ਚ ਪੱਕੇ ਘਰਾਂ ਦੇ ਸੁਪਨੇ ਸੰਜੋਈ ਜ਼ਿੰਦਗੀ ਦੇ ਹਰ ਪਲ ਨੂੰ ਸਾਂਚਿਆਂ ਨੂੰ ਡਿਜ਼ਾਇਨ ਕਰਨ ਲਈ ਮਜ਼ਬੂਰ ਹਨ।ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਰਵ ਸਿੱਖਿਆ ਅਭਿਆਨ ਦੀ ਮੁਹਿੰਮ ਤਹਿਤ ਇਨ੍ਹਾ ਬੱਚਿਆਂ ਨੂੰ ਸਕੂਲਾਂ ‘ਚ ਦਾਖਲੇ ਅਤੇ ਕਿਤਾਬਾਂ ਮੁਹੱਈਆ ਕਰਵਾਵੇ ਤਾਂ ਜੋ ਉਹ ਬੱਚਿਆਂ ਦੇ ਹੱਥਾਂ ‘ਚ ਬੁਰੱਸ਼ ਦੀ ਜਗ੍ਹਾ ਕਿਤਾਬਾਂ ਹੋਣ ਅਤੇ ਉਨ੍ਹਾ ਦਾ ਭਵਿੱਖ ਰੋਸ਼ਨੀ ਨਾਲ ਭਰ ਜਾਵੇ।


ਕਲਾਕਾਰ ਨੇ ਕਿਹਾ ਕਿ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਕਰ ਸਕਦੀਆਂ।ਉਹ ਨੈਸ਼ਨਲ ਰੁਜ਼ਗਾਰ ਗਾਰੰਟੀ ਸਕੀਮ (ਨਰੇਗਾ) ਵਰਗੀਆਂ ਸਕੀਮਾਂ ਸ਼ੁਰੂ ਕਰ ਜਾਂ ਘਰੇਲੂ ਉਦਯੋਗ ਲਗਵਾ ਸਕਦੀਆਂ ਹਨ,ਜਿਸ ਨਾਲ ਸਾਨੂੰ ਰੁਜ਼ਗਾਰ ਮਿਲੇਗਾ ਅਤੇ ਅਸੀਂ ਆਪਣੇ ਸਥਾਈ ਘਰਾਂ ‘ਚ ਰਹਿਣ ਦੇ ਸੁਪਨਿਆਂ ਨੂੰ ਪੂਰ੍ਹਾ ਕਰ ਸਕਾਂਗੇ,ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂਗੇ ਅਤੇ ਉਹ ਵੀ ਆਪਣੇ ਸੁਪਨੇ ਦੀਆਂ ਉਡਾਨਾਂ ਭਰ ਨੂੰ ਪੂਰ੍ਹਾ ਕਰ ਸਕਣ।
ਹਰਕ੍ਰਿਸ਼ਨ ਸ਼ਰਮਾਂ
098939-33321
ਇੰਦੌਰ (ਮੱਧ ਪ੍ਰਦੇਸ਼)

No comments: